ਦੇਸ਼ ਭਰ ’ਚ ਕੋਰੋਨਾਵਾਇਰਸ ਦੀ ਘਾਤਕ ਲਹਿਰ ਨੂੰ ਵੇਖਦਿਆਂ ਸੀਬੀਐਸਈ ਦੀ 10ਵੀਂ ਜਮਾਤ ਦੀ ਪ੍ਰੀਖਿਆ ਰੱਦ ਕੀਤੇ ਜਾਣ ਵਾਂਗ ਹੀ ਵਿਦਿਆਰਥੀ ਤੇ ਮਾਪੇ 12ਵੀਂ ਦੀ ਪ੍ਰੀਖਿਆ ਨੂੰ ਵੀ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਫ਼ਿਲਹਾਲ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਆਸ ਹੈ ਕਿ 1 ਜੂਨ ਨੂੰ ਹਾਲਾਤ ਦੀ ਸਮੀਖਿਆ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਨ੍ਹਾਂ ਸਭ ਦੌਰਾਨ ਸੀਬੀਐਸਈ ਨਾਲ ਸੰਬਧਤ ਸਕੂਲ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਆਨਲਾਈਨ ਪ੍ਰੈਕਟਿਸ ਟੈਸਟ ਦਾ ਇੱਕ ਹੋਰ ਸੈੱਟ ਆਯੋਜਿਤ ਕਰਨ ਦੀ ਯੋਜਨਾ ਉਲੀਕ ਰਹੇ ਹਨ।
ਗ਼ੌਰਤਲਬ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ‘ਨਿਸ਼ੰਕ’ ਦੀ ਪ੍ਰਧਾਨਗੀ ਹੇਠ ਵਿਭਿੰਨ ਰਾਜਾਂ ਵਿੱਚ ਸਿੱਖਿਆ ਸਕੱਤਰਾਂ ਨਾਲ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ ਸੀ। ਇਸ ਮੀਟਿੰਗ ’ਚ ਕਈ ਮੁੱਦਿਆਂ ਨਾਲ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਵੀ ਚਰਚਾ ਹੋਈ ਸੀ ਪਰ ਸੀਬੀਐੱਸਈ ਦੀ 12ਵੀਂ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਸੀ ਜਿਸ ਤੋਂ ਬਾਅਦ ਸੀਬੀਐਸਈ ਨਾਲ ਸਬੰਧਤ ਸਕੂਲਾਂ ਵੱਲੋਂ ਆਨਲਾਈਨ ਪ੍ਰੈਕਟਿਸ ਟੈਸਟ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਹੁਣ ਭਾਵੇਂ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਪਰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਹੈ। ਛੁੱਟੀ ਤੋਂ ਬਾਅਦ ਜਦੋਂ ਆੱਨਲਾਈਨ ਜਮਾਤਾਂ ਸ਼ੁਰੂ ਹੋਣਗੀਆਂ, ਤਾਂ ਇੱਕ ਟੈਸਟ ਆਯੋਜਿਤ ਕੀਤਾ ਜਾਵੇਗਾ।
ਕਈ ਸਕੂਲਾਂ ਦਾ ਕਹਿਣਾ ਹੈ ਕਿ ਜੇ ਬੋਰਡ ਨੇ ਪ੍ਰੀਖਿਆ ਰੱਦ ਕਰ ਦਿੱਤੀ, ਤਾਂ ਇਹ ਲਾਸਟ ਟੈਸਟ ਉਮੀਦਵਾਰਾਂ ਦੇ ਸਕੋਰ ਉੱਤੇ ਬਿਹਤਰ ਕਲੀਅਰਿਟੀ ਲਿਆਉਣ ’ਚ ਮਦਦ ਕਰੇਗਾ, ਜਿਸ ਨੂੰ ਬੋਰਡ ਵੱਲੋਂ ਅਧਿਕਾਰੀਆਂ ਨੂੰ ਤਿਆਰ ਕਰਨ ਲਈ ਆਖਿਆ ਜਾਵੇਗਾ। ਇੰਝ ਹੁਣ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਆਨਲਾਈਨ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।